Saturday, 19 January 2013

ਲਿੰਗ ਬਿਨਾ ਕੀਨੇ ਸਭ ਰਾਜਾ॥


ਵਾਹਿਗੁਰੂ ਜੀ ਕੀ ਫਤਹਿ॥
ਲਿੰਗ ਬਿਨਾ ਕੀਨੇ ਸਭ ਰਾਜਾ॥
ਸਿੰਘ ਬ੍ਰਦਰਜ਼ ਵੱਲੋਂ ਛਾਪੀ ਗਈ ਹਰਿੰਦਰ ਸਿੰਘ ਮਹਿਬੂਬ ਦੀ ਪੁਸਤਕ 'ਸਹਿਜੇ ਰਚਿਓ ਖਾਲਸਾ' ਦੇ ਪੰਨਾਂ ੧੦੭੮ ਉਪਰ ਉਹ ਲਿਖਦੇ ਹਨ "--'ਬਚਿਤ੍ਰ ਨਾਟਕ' ਵਿਚ 'ਲਿੰਗ ਬਿਨਾ ਕੀਨੇ ਸਭ ਰਾਜਾ' ਵਰਗੀ ਅਸ਼ਲੀਲ ਅਣਸਾਹਿਤਿੱਕਤਾ ਦਾ ਪ੍ਰਯੋਗ ਕਰਦਿਆਂ ਸੁੰਨਤ ਦਾ ਤ੍ਰਿਸਕਾਰ ਕੀਤਾ ਗਿਆ ਹੈ; ਪਰ ਗੁਰੂ ਨਾਨਕ ਸਾਹਿਬ ਨੇ 'ਮਾਝ ਕੀ ਵਾਰ' ਵਿਚ ਸੁੰਨਤ ਨੂੰ ਵੱਡੇ ਅਦਬ ਨਾਲ ਬਿਆਨ ਕੀਤਾ ਹੈ।ਇਕ ਸੂਫੀ ਚਿੰਤਕ ਵਾਂਗ ਉਨ੍ਹਾਂ ਨੇ ਸੁੰਨਤ ਨੂੰ ਨਿਰਾਕਾਰ ਧਰਾਤਲ ਉਤੇ ਪ੍ਰਤੀਕਮਈ ਸੁੰਦ੍ਰਤਾ ਪ੍ਰਦਾਨ ਕੀਤੀ ਹੈ:-ਸਲੋਕ ਮ:੧॥ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਾਲ ਕੁਰਾਣ॥ਸਰਮ ਸੁੰਨਤਿ ਸੀਲ ਰੋਜਾ ਹੋਹੁ ਮੁਸਲਮਾਨ॥..(ਪੰ:੧੪੦) ਜੇ 'ਬਚਿਤ੍ਰ ਨਾਟਕ' ਦਸਮ ਪਾਤਸ਼ਾਹ ਦੀ ਰਚਨਾ ਹੁੰਦੀ, ਤਾਂ ਉਹ ਸੁੰਨਤ ਨੂੰ ਗੈਰ ਕੁਦਰਤੀ ਅਤੇ ਅਨਪੜ੍ਹਾਂ ਵਰਗੇ ਅੰਦਾਜ਼ ਵਿਚ ਰੱਦ ਨ ਕਰਦੇ।ਜੇ ਕਿਸੇ ਧਾਰਮਿਕ ਕਰਮ-ਕਾਂਡ ਨੂੰ ਮ੍ਰਿਤ ਰਸਮਾਂ ਦੀ ਸੂਚੀ ਵਿਚ ਸ਼ਾਮਲ ਕਰਨਾਂ ਵੀ ਪਵੇ, ਤਾਂ ਉਸਨੂੰ ਰੱਦ ਕਰਨ ਦਾ ਤਰੀਕਾ ਗਾਲ੍ਹੀਆਂ ਵਾਲੀ ਭਾਸ਼ਾ ਵਰਤਣਾ ਠੀਕ ਨਹੀਂ ਹੁੰਦਾ"।
ਪਰ ਦੇਖੋ ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਮਹਾਨ ਕੋਸ਼ ਵਿਚ ਉਹ ਪੰ:੧੦੬੬ ਉਪਰ 'ਲਿੰਗ' ਸ਼ਬਦ ਦਾ ਵਿਸਥਾਰ ਸਹਿਤ ਖੁਲਾਸਾ ਕਰਦੇ ਹਨ-- ਸੰ. ਧਾ-ਜਾਣਾ, ਗਲੇ ਲਾਉਣਾ, ਰੰਗ ਲਾਉਣਾ, ਚਿੰਨ੍ਹ ਕਰਨਾ.੨ ਸੰਗਯਾ-ਚਿੰਨ੍ਹ. ਨਸ਼ਾਨ.੩ ਅਨੁਮਾਨ ਨੂੰ ਸਿੱਧ ਕਰਨ ਵਾਲਾ ਹੇਤੁ.੪ ਜਨਨੇਂਦ੍ਰਿਯ.ਪੁਰਸ਼ ਦਾ ਖਾਸ ਚਿੰਨ੍ਹ.੫ ਲਿੰਗ-ਰੂਪ ਸ਼ਿਵ ਦਾ ਚਿੰਨ੍ਹ. ਪੁਰਾਣਾ ਵਿਚ ਪ੍ਰਧਾਨ ਬਾਰਾਂ ਲਿੰਗ ਹਨ. ਦੇਖੋ ਦੁਆਦਸ ਸਿਲਾ.੬…,੭…,੮…੯ ਧਰਮ ਦਾ ਚਿੰਨ੍ਹ. ਮਜ੍ਹਬੀ ਲਿਬਾਸ. ਭੇਖ ਦੇ ਨਿਸ਼ਾਨ. 'ਲਿੰਗ ਬਿਨਾ ਕੀਨੇ ਸਭ ਰਾਜਾ' (ਵਿਚਿਤ੍ਰ) ਪੈਗੰਬਰ ਮੁਹੰਮਦ ਨੇ, ਜਿਤਨੇ ਰਾਜਾ (ਪ੍ਰਤਾਪੀ ਲੋਕ) ਸਨ, ਸਭ ਦੇ ਧਾਰਮਿਕ ਚਿੰਨ੍ਹ ਮਿਟਾ ਕੇ ਇਸਲਾਮ ਵਿਚ ਲੈ ਆਂਦੇ. ਲਿੰਗ ਬਿਨਾ ਦਾ ਅਰਥ ਸੁੰਨਤ ਸਹਿਤ ਭੀ ਹੈ, ਅਰਥਾਤ-ਲਿੰਗ ਦੇ ਆਵਰਣ-ਰੂਪ ਮਾਸ ਬਿਨਾ. ਪਰ ਇਤਹਾਸ ਤੋਂ ਪਤਾ ਲੱਗਦਾ ਹੈ ਕਿ ਸੁੰਨਤ ਮੁਹੰਮਦ ਸਾਹਿਬ ਨੇ ਨਹੀਂ ਚਲਾਈ, ਇਹ ਰਸਮ ਇਬਰਾਹੀਮ ਤੋਂ ਚੱਲੀ ਹੈ. ਦੇਖੋ ਇਬਰਾਹੀਮ ਅਤੇ ਸੁੰਨਤ.
ਗੁਰੂ ਨਾਨਕ ਦੇਵ ਜੀ ਨੇ ਜਨੇਊ ਨੂੰ ਭੀ-- ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥ਵੱਡੇ ਅਦਬ ਨਾਲ ਬਿਆਨ ਕਰਕੇ ਨਿਰਾਕਾਰ ਧਰਾਤਲ ਉਤੇ ਪ੍ਰਤੀਕਮਈ ਸੁੰਦ੍ਰਤਾ ਪ੍ਰਦਾਨ ਕੀਤੀ ਹੈ ਯਾ ਨਹੀਂ, ਕਹਿ ਨਹੀਂ ਸਕਦੇ, ਪਰ ਇਕ ਗੱਲ ਦਾ ਜ਼ਰੂਰ ਪਤਾ ਲੱਗ ਜਾਂਦਾ ਹੈ ਕਿ ਉਹ ਨਾ ਤਾਂ ਜਨੇਊ ਦਾ ਅਦਬ ਕਰਦੇ ਹਨ ਤੇ ਨਾ ਹੀ ਜਨੇਊ ਦੇ ਹੱਕ ਦੀ ਗੱਲ ਕਰਦੇ ਹਨ।
ਭਗਤ ਕਬੀਰ ਜੀ ਜਦੋਂ--ਸਕਤਿ ਸਨੇਹੁ ਕਰਿ ਸੁੰਨਤਿ ਕਰੀਐ ਮੈ ਨ ਬਦਉਗਾ ਭਾਈ॥ਜਉ ਰੇ ਖੁਦਾਇ ਮੋਹਿ ਤੁਰਕੁ ਕਰੈਗਾ ਆਪਨ ਹੀ ਕਟਿ ਜਾਈ॥ਲਿਖਦੇ ਹਨ ਤਾਂ ਮੈਨੂੰ ਨਹੀਂ ਸਮਝ ਆਉਂਦੀ ਕਿ ਉਹ ਵੱਡੇ ਅਦਬ ਨਾਲ ਬਿਆਨ ਕਰਕੇ ਨਿਰਾਕਾਰ ਧਰਾਤਲ ਉਤੇ ਪ੍ਰਤੀਕਮਈ ਸੁੰਦ੍ਰਤਾ ਪ੍ਰਦਾਨ ਕਰਦੇ ਹਨ ਯਾ ਨਹੀਂ।ਪਰ ਇਕ ਗੱਲ ਦਾ ਜ਼ਰੂਰ ਪਤਾ ਲੱਗ ਜਾਂਦਾ ਹੈ ਕਿ ਉਹ ਨਾ ਤਾਂ ਸੁੰਨਤ ਦਾ ਅਦਬ ਕਰਦੇ ਹਨ ਤੇ ਨਾ ਹੀ ਦੇ ਸੁੰਨਤ ਦੇ ਹੱਕ ਦੀ ਗੱਲ ਕਰਦੇ ਹਨ।
ਗੁਰੂ ਅਰਜਨ ਸਾਹਿਬ ਜੀ ਨੇ ਜਦੋਂ ਮੁਸਲਮਾਨੀ ਸ਼ਰੀਅਤ ਬਾਰੇ ਖੁਲਾਸਾ ਕਰਦੇ ਹੋਏ ਲਿਖ ਦਿੱਤਾ ਹੈ-- ਸਭੇ ਵਖਤ ਸਭੇ ਕਰਿ ਵੇਲਾ॥ਖਾਲਕੁ ਯਾਦਿ ਦਿਲੈ ਮਹਿ ਮਉਲਾ॥ਤਸਬੀ ਯਾਦਿ ਕਰਹੁ ਦਸ ਮਰਦਨੁ ਸੁੰਨਤਿ ਸੀਲੁ ਬੰਧਾਨਿ ਬਰਾ॥ਕਿ ਜਤ ਧਾਰਨ ਕਰਨਾ ਹੀ ਅਸਲ ਸੁੰਨਤ ਹੈ।ਇਥੇ ਮੁਸਲਮਾਨੀ ਅਦਬ ਨੂੰ ਮੁੱਖ ਰੱਖਿਆ ਗਿਆ ਕਿ ਨਹੀਂ, ਮੈਨੂੰ ਸਮਝ ਨਹੀਂ, ਪਰ ਇਥੇ ਭੀ ਸੁੰਨਤ ਦਾ ਖੰਡਨ ਹੈ ਅਤੇ ਸੁੰਨਤ ਦੇ ਹੱਕ ਦੀ ਗੱਲ ਨਹੀਂ ਕਰਦੇ ਹਨ।ਜੇ ਅਦਬ ਨੂੰ ਹੀ ਮੁੱਖ ਰੱਖਣਾ ਹੈ ਤਾਂ ਕਿਸੇ ਵਿਚਾਰਧਾਰਾ ਦਾ ਖੰਡਨ ਹੋ ਹੀ ਨਹੀਂ ਸਕਦਾ।
ਹੁਣ ਜਦੋਂ ਗੁਰੂ ਨਾਨਕ ਦੇਵ ਜੀ ਨੇ ਆਸਾ ਦੀ ਵਾਰ ਵਿਚ- ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿ@ਆਰ॥ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ॥ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ॥ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ॥ਲਿਖਿਆ, ਤਾਂ ਰਾਮ ਰਾਇ ਜੀ ਨੂੰ ਭੁਲੇਖਾ ਪੈ ਗਿਆ ਕਿ ਇਸ ਮੁਸਲਮਾਨੀ ਰੀਤ ਪ੍ਰਤੀ ਵੱਡੇ ਅਦਬ ਨਾਲ ਬਿਆਨ ਕਰਕੇ ਨਿਰਾਕਾਰ ਧਰਾਤਲ ਉਤੇ ਪ੍ਰਤੀਕਮਈ ਸੁੰਦ੍ਰਤਾ ਪ੍ਰਦਾਨ ਨਹੀਂ ਕੀਤੀ ਤਾਂ ਉਸਨੇ ਮੁਸਲਮਾਨੀ ਅਦਬ ਦਾ ਹੇਜ ਜਤਲਾਉਂਦੇ ਹੋਏ ਸ਼ਬਦ ਬਦਲੀ ਕਰਕੇ 'ਮਿੱਟੀ ਬੇਈਮਾਨ ਕੀ' ਕਹਿ ਦਿੱਤਾ ਸੀ, ਤਾਂ ਗੁਰੂ ਸਹਿਬਾਨ ਨੇ 'ਧੁਰ ਕੀ ਬਾਣੀ' ਦੀ ਵਿਚਾਰਧਾਰਾ ਬਦਲਾਉਣ ਕਾਰਣ ਸਾਰੀ ਉਮਰ ਉਸਦੇ ਮੱਥੇ ਲੱਗਣ ਤੋਂ ਵੀ ਇਨਕਾਰ ਕਰ ਦਿੱਤਾ ਸੀ।
ਹਰਿੰਦਰ ਸਿੰਘ ਖਾਸ ਵਧਾਈ ਦੇ ਹੱਕਦਾਰ ਹਨ, ਕਿਉਂਕਿ ਉਸਨੇ ਸੁੰਨਤ ਨੂੰ ਮੁਹੰਮਦ ਸਾਹਿਬ ਨਾਲ ਜੋੜ ਕੇ ਇਤਿਹਾਸ ਨੂੰ ਪੁੱਠਾ ਗੇੜਾ ਦੇ ਦਿੱਤਾ ਤੇ ਲਿੰਗ (ਧਾਰਮਿਕ ਨਿਸ਼ਾਨ) ਨੂੰ ਜਨਨੇਂਦ੍ਰਯ. ਪੁਰਸ਼ ਦੇ ਖਾਸ ਚਿੰਨ੍ਹ ਨਾਲ ਜੋੜ ਕੇ ਪੜ੍ਹਿਆਂ ਵਰਗੇ ਅੰਦਾਜ਼ ਨਾਲ ਮਾਰਕਸੀ ਉਚਸਾਹਿਤਿੱਕਤਾ ਦੇ ਪਿੜ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ।ਦਸਮ ਗ੍ਰੰਥ ਸਾਹਿਬ ਨੂੰ ਪੜ੍ਹਦੇ ਸਮੇਂ ਹਰਿੰਦਰ ਸਿੰਘ ਇਹ ਨੁਕਤਾ ਭੀ ਨਹੀਂ ਸਮਝ ਸਕਿਆ ਕਿ ਇਸ ਕਾਂਡ ਵਿਚ ਮੁਹੰਮਦ ਸਾਹਿਬ ਦੀ ਵਾਰਤਾ ਚੱਲ ਰਹੀ ਹੈ ਜਾਂ ਕਿ ਇਬਰਾਹੀਮ ਦੀ।ਗੱਲ ਸੁੰਨਤ ਦੀ ਚੱਲ ਰਹੀ ਹੈ ਜਾਂ ਕਿ ਧਾਰਮਿਕ ਪਹਿਰਾਵੇ ਦੀ।
ਇਸੇ ਤਰ੍ਹਾਂ ਸੰਨ ੨੦੦੫ ਵਿਚ ਰਾਗੀ ਦਰਸ਼ਨ ਸਿੰਘ ਸਰੀ (ਕੈਨੇਡਾ) ਵਿਚ ਪ.ਸਿੰਘ ਮਾਨ ਦੇ ਘਰ ਠਹਿਰਿਆ ਹੋਇਆ ਸੀ।ਮੈਂ ਅਤੇ ਸਤਵਿੰਦਰਪਾਲ ਸਿੰਘ ਉਸ ਘਰ ਦਰਸ਼ਨ ਸਿੰਘ ਨਾਲ ਗੁਰਮੱਤਿ ਵਿਚਾਰਾਂ ਲਈ ਗਏ।ਦਸਮ ਗ੍ਰੰਥ ਸਾਹਿਬ ਬਾਰੇ ਵਿਚਾਰਾਂ ਕਰਦੇ ਹੋਏ ਉਸਨੇ ਕਿਸੇ ਖਾਸ ਨੁਕਤੇ ਉਤੇ ਤਾਂ ਕਿਥੋਂ ਪਹੁੰਚਣਾ ਸੀ, ਸਗੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਬਾਰੇ ਭੀ ਕਿੰਤੂ-ਪ੍ਰੰਤੂ ਅਤੇ ਸ਼ੰਕਾ ਜਾਹਿਰ ਕਰਦੇ ਹੋਏ ਇਕਤਾਲੀਵੀਂ ਵਾਰ ਬਾਰੇ ਇਸ ਤਰ੍ਹਾਂ ਚਲਿੱਤ੍ਰੀਆਂ ਕਰਨ ਲੱਗਾ ਕਿ ਅਸੀਂ ਹੈਰਾਨ ਰਹਿ ਗਏ।ਕਹਿੰਦਾ 'ਇਥੇ ਜੋ
ਕੁੱਝ ਲਿਖਿਆ ਹੋਇਆ ਏ ਮੇਰੀ ਤੇ ਜ਼ਮੀਰ ਉਹ ਪੜ੍ਹਨ ਦੀ ਇਜ਼ਾਜਤ ਨਹੀਂ ਦੇਂਦੀ ਪਈ।ਇਸ ਨੂੰ ਤੇ ਮੈਂ ਇਕੱਲਾ ਵੀ ਨਹੀਂ ਪੜ੍ਹ ਸਕਦਾ'।ਵਾਹ! ਪਾਣੀ ਪੀਣਾ ਪੁਣ ਕੇ।ਬੰਦੇ ਖਾਣੇ ਚੁਣ ਕੇ।
ਫਿਰ ਸ੍ਰ.ਮਾਨ ਨੂੰ ਉਸ ਲਾਈਨ ਤੇ ਉਂਗਲ ਰੱਖ ਕੇ ਕਹਿੰਦਾ ਕਿ ਇਥੋਂ ਪੜ੍ਹਨਾ ਸ਼ੁਰੂ ਕਰੋ ਜੋ ਵਾਰ ਇਕਤਾਲੀਵੀਂ ਦੀ ਪਉੜੀ ਸੋਲ੍ਹਵੀਂ ਜਿੱਥੇ ਕਿ ਲਿਖਿਆ ਹੋਇਆ ਸੀ—ਫਿਰ ਐਸਾ ਹੁਕਮ ਅਕਾਲ ਕਾ ਜਗ ਮੈ ਪ੍ਰਗਟਾਨਾ।ਤਬ ਸੁੰਨਤ ਕੋਇ ਨ ਕਰਿ ਸਕੈ ਕਾਂਪਿਓ ਤੁਰਕਾਨਾ।ਕਹਿੰਦਾ ਇਥੇ ਮੁਸਲਮਾਨਾ ਦੀ ਨਿਰਾਦਰੀ ਕੀਤੀ ਹੋਈ ਏ, ਇਹ ਠੀਕ ਨਹੀਂ ਹੈ।ਫਿਰ ਉਂਗਲ ਸਤਾਰਵੀਂ ਪਉੜੀ ਦੀਆਂ ਇੰਨ੍ਹਾਂ ਸਤਰਾਂ ਤੇ ਗਈ—ਤਹਿ ਕਲਮਾ ਕੋਇ ਨ ਪੜ੍ਹਿ ਸਕੈ ਨਹੀਂ ਜ਼ਿਕਰੁ ਅਲਾਇ।ਨਿਵਾਜ਼ ਦਰੂਦ ਨ ਫਾਤਿਹਾ ਨਹ ਲੰਡ ਕਟਾਇ।ਇਸਦਾ ਭਾਵ ਇਹ ਹੈ ਕਿ ਕਲਮੇ ਦੇ ਪੜ੍ਹਨ ਮਾਤ੍ਰ ਨਾਲ ਮੁਸਲਮਾਨ ਹੋ ਗਿਆ ਸਮਝਿਆ ਜਾਂਦਾ ਸੀ ਤੇ ਜ਼ਬਰਦਸਤੀਆਂ ਹੁੰਦੀਆਂ ਸਨ, ਉਹ ਸਭ ਕੁੱਝ ਬੰਦ ਹੋ ਗਿਆ।ਭਾਵ ਇਹ ਹੈ ਕਿ ਹਿੰਦੂਆਂ ਦਾ ਸੁੰਨਤ ਕਰਕੇ ਮੁਸਲਮਾਨ ਹੋਣਾ ਬੰਦ ਹੋ ਗਿਆ ਤੇ ਮੁਸਲਮਾਨਾ ਦੇ ਬੀ ਉਪ੍ਰੋਕਤ ਗੱਲਾਂ ਤੋਂ ਨਿਸ਼ਚੇ ਉਠ ਗਏ।
ਉਦੋਂ ਅਗਰ ਰਾਗੀ ਦਰਸ਼ਨ ਸਿੰਘ 'ਸੁੰਨਤ' ਲਫਜ਼ ਆਪ ਪੜ੍ਹ ਲੈਂਦਾ ਜਾਂ ਸ੍ਰ.ਮਾਨ ਤੋਂ ਪੜ੍ਹਾ ਲਿਆ ਤਾਂ ਕੀ ਫਰਕ ਪੈ ਗਿਆ? ਜਦੋਂ ਕਿ ਇਹ ਲਫਜ਼ ਘਰ ਵਿਚ ਮਰਦ ਔਰਤਾਂ ਸਾਰਿਆਂ ਨੇ ਹੀ ਸੁਣ ਲਿਆ ਸੀ।ਕੀ ਇਹ ਅਖੌਤੀ ਪਵਿਤ੍ਰਤਾਈ ਨਹੀਂ? ਦਰਸ਼ਨ ਸਿੰਘ ਤੋਂ ਇਹ ਭੀ ਪੁੱਛਿਆ ਜਾ ਸਕਦਾ ਹੈ ਕਿ ਜਦੋਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਹਨ ਤਾਂ ਜਿੱਥੇ ਸੁੰਨਤ ਲਫਜ਼ ਆਉਂਦਾ ਹੈ ਤਾਂ ਉਹ ਇਸਨੂੰ ਪੜ੍ਹਨ ਲਈ ਕਿਸਨੂੰ ਵਾਜ ਮਾਰਦੇ ਹਨ?
ਹੁਣ ਜਦੋਂ ਦਰਸ਼ਨ ਸਿੰਘ ਖੁਲ੍ਹੇ ਆਮ ਅਤੇ ਮਹਿਬੂਬ ਆਪਣੀਆਂ ਲਿਖਤਾਂ ਵਿਚ ਦਸਮ ਗ੍ਰੰਥ ਸਾਹਿਬ ਦੀ ਨਿਰਾਦਰੀ ਕਰਦੇ ਹਨ ਤਾਂ ਰਾਜ਼ ਖੁੱਲ੍ਹ ਗਿਆ ਕਿ ਉਨ੍ਹਾਂ ਨੂੰ ਭਾਈ ਗੁਰਦਾਸ (ਦੂਸਰੇ) ਦੀ ਲਿਖਤ ਉਤੇ ਇਤਰਾਜ਼ ਦਾ ਖਾਸ ਕਾਰਨ ਇਹ ਸੀ, ਕਿ ਉਹ ਦਸਮ ਪਿਤਾ ਦੇ ਇੰਨ੍ਹਾਂ ਅੱਖਰਾਂ ਦਾ ਖੰਡਨ ਕਰ ਸਕਣ, ਜਿੱਥੇ ਦਸਮੇਸ਼ ਜੀ ਧਾਰਮਿਕ ਭੇਖਾਂ, ਮੋਨੀਆਂ, ਜਟਾਵਾਂ, ਮੁੰਡਨ, ਰੁਦਰਾਖ ਦੀਆਂ ਮਾਲਾਂ ਅਤੇ ਸੁੰਨਤ ਆਦਿ ਦਾ ਲਲਕਾਰ ਕੇ ਖੰਡਨ ਕਰਦੇ ਹੋਏ ਬਚਿਤ੍ਰ ਨਾਟਕ ਦੀ ਚੰਡ, ਕੜਾਕੇਦਾਰ ਸ਼ਬਦਾਵਲੀ ਵਿਚ ਸੱਚ ਨੂੰ ਬਿਆਨਦੇ ਤੇ ਧਿਆਨ ਨਾਲ ਸੁਨਣ ਲਈ ਲਿਖਦੇ ਹਨ—
ਮੋਨ ਭਜੇ ਨਹੀਂ ਮਾਨ ਤਜੇ ਨਹੀਂ ਭੇਖ ਸਜੇ ਨਹੀਂ ਮੂੰਡ ਮੁੰਡਾਏ॥ਕੰਠਿ ਨ ਕੰਠੀ ਕਠੋਰ ਧਰੈ ਨਹੀਂ ਸੀਸ ਜਟਾਨ ਕੇ ਜੂਟ ਸੁਹਾਏ॥ਸਾਚ ਕਹੋ ਸੁਨਿ ਲੈ ਚਿੱਤਦੈ ਬਿਨੁ ਦੀਨ ਦਿਆਲ ਕੀ ਸਾਮ ਸਿਧਾਏ॥ਪ੍ਰੀਤਿ ਕਰੇ ਪ੍ਰਭੁ ਪਾਯਤ ਹੈ ਕਿਰਪਾਲ ਨ ਭੀਜਤ ਲਾਂਡ ਕਟਾਏ॥ਦ.ਗ੍ਰੰ
ਸ਼ਬਦ ਲਾਂਡ ਦਾ ਖੁਲਾਸਾ ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਪੰ:੧੦੬੩ ਉਪਰ ਕੀਤਾ ਹੈ।ਵਾਰਾਂ ਭਾਈ ਗੁਰਦਾਸ ਦਾ ਭਾਵ ਪ੍ਰਕਾਸ਼ਨੀ ਟੀਕਾ ਗਿਆਨੀ ਹਜ਼ਾਰਾ ਸਿੰਘ ਜੀ ਪੰਡਿਤ ਨੇ ਕੀਤਾ ਹੈ, ਜਿਸਦਾ ਸੰਸ਼ੋਧਨ, ਭਾਵਾਂ ਦਾ ਪ੍ਰਕਾਸ਼ਨ ਤੇ ਸੰਪਾਦਨ ਪਦਮ ਭੂਸ਼ਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਕੀਤਾ ਹੈ।ਸ਼ਬਦਾਰਥ ਦਸਮ ਗ੍ਰੰਥ ਸਾਹਿਬ ਦੇ ਸੰਪਾਦਕ ਭਾਈ ਡਾ.ਰਣਧੀਰ ਸਿੰਘ ਜੀ ਤੇ ਉਨ੍ਹਾਂ ਦੇ ਵਿਦਵਾਨ ਸਾਥੀ ਡਾ.ਤਾਰਨ ਸਿੰਘ ਜੀ, ਡਾ.ਪ੍ਰੇਮ ਪ੍ਰਕਾਸ਼ ਸਿੰਘ ਜੀ, ਡਾ.ਗੁਲਵੰਤ ਸਿੰਘ ਜੀ ਅਤੇ ਡਾ.ਜੀਤ ਸਿੰਘ ਸੀਤਲ ਜੀ ਸਨ।ਕੀ ਉਪ੍ਰੋਕਤ ਵਿਦਵਾਨਾ ਜਾਂ ਟੀਕਾਕਾਰਾਂ ਨੇ ਇਸ ਸ਼ਬਦ ਨੂੰ ਬਿਨਾਂ ਪੜ੍ਹੇ ਹੀ ਟੀਕਾ ਕਰ ਦਿੱਤਾ? ਜਾਂ ਉਨ੍ਹਾਂ ਨੂੰ ਇਸ ਸ਼ਬਦ ਦੀ ਜਾਣਕਾਰੀ ਨਹੀਂ ਸੀ? ਜਾਂ ਕੀ ਉਨ੍ਹਾਂ ਨੂੰ ਦੂਸਰਿਆਂ ਦਾ ਅਦਬ ਕਰਨਾਂ ਨਹੀਂ ਸੀ ਆਉਂਦਾ? ਸੁੰਨਤ ਦਾ ਕਿਸ ਅੰਗ ਨਾਲ ਸੰਬੰਧ ਹੈ, ਕਿਸ ਨੂੰ ਨਹੀਂ ਪਤਾ? ਸਾਹਿਤ ਮੁਤਾਬਕ ਜਿਸ ਤਰ੍ਹਾਂ ਦਾ ਵਿਸ਼ਾ ਹੋਵੇਗਾ ਉਸੇ ਤਰ੍ਹਾਂ ਦੀ ਸ਼ਬਦਾਵਲੀ ਹੋਵੇਗੀ, ਇਹ ਲਾਜ਼ਮੀ ਹੈ। ਅਸ਼ਲੀਲਤਾ ਸ਼ਬਦਾਂ ਵਿਚ ਨਹੀਂ, ਮਨ ਵਿਚ ਹੁੰਦੀ ਹੈ।
ਜਲਾਦ ਸੇ ਡਰਤੇ ਹੈਂ ਨ ਵਾਇਜ਼ ਸੇ ਝਗੜਤੇ, ਹਮ ਸਮਝੇ ਹੂਏ ਹੈਂ ਉਸੇ, ਜਿਸ ਭੇਸ ਮੇਂ ਜੋ ਆਏ।
ਲਿੰਗ, ਲੰਡ, ਲਾਂਡ ਜਿਸ ਅੰਗ ਦਾ ਨਾਮ ਹੈ, ਉਸ ਲਈ ਦੂਸਰਾ ਸ਼ਬਦ ਲਉਡਾ ਭੀ ਵਰਤਿਆ ਜਾਂਦਾ ਰਿਹਾ ਹੈ, ਜਿਸਦਾ ਅੱਖਰੀ ਅਰਥ ਹੈ ਨਿੱਕਾ, ਯਾ ਛੋਟਾ।ਇਹ ਸ਼ਬਦ ਭੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ਼ ਹੈ--ਤੇਰੇ ਦਾਸਰੇ ਕਉ ਕਿਸ ਕੀ ਕਾਣਿ॥ਜਿਸ ਕੀ ਮੀਰਾ ਰਾਖੈ ਆਣਿ॥੨॥ਜੋ ਲਉਡਾ ਪ੍ਰਭਿ ਕੀਆ ਅਜਾਤਿ॥ਤਿਸੁ ਲਉਡੇ ਕਉ ਕਿਸ ਕੀ ਤਾਤਿ ॥ਪੰ:੩੭੬ ਭਾਵ ਕਿ ਹੇ ਪ੍ਰਭੂ! ਤੇਰੇ ਨਿੱਕੇ ਜਿਹੇ ਸੇਵਕ ਨੂੰ ਭੀ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ।ਜਿਸ ਸੇਵਕ ਨੂੰ ਪ੍ਰਮਾਤਮਾ ਨੇ ਉਚੀ ਜਾਤ ਆਦਿਕ ਦੇ ਅਹੰਕਾਰ ਤੋਂ ਰਹਿਤ ਕਰ ਦਿੱਤਾ ਹੈ, ਉਸਨੂੰ ਕਿਸੇ ਦੀ ਈਰਖਾ ਦਾ ਡਰ ਨਹੀਂ ਰਹਿੰਦਾ।
ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਹੀ ਦੋ ਸ਼ਬਦ ਹੋਰ--ਟਟਾ ਬਿਕਟ ਘਾਟ ਘਟ ਮਾਹੀ॥ਖੋਲਿ ਕਪਾਟ ਮਹਲਿ ਕਿ ਨ ਜਾਹੀ॥ ਪੰ:੩੪੧ ਅਤੇ ਟਟੈ ਟੰਚੁ ਕਰਹੁ ਕਿਆ ਪ੍ਰਾਣੀ ਘੜੀ ਕਿ ਮੁਹਤਿ ਕਿ ਉਠਿ ਚਲਣਾ॥ਜੂਐ ਜਨਮੁ ਨ ਹਾਰਹੁ ਅਪਣਾ ਭਾਜਿ ਪੜਹੁ ਤੁਮ ਹਰਿ ਸਰਣਾ॥ਪੰ:੪੩੩ ਇੰਨ੍ਹਾਂ ਸ਼ਬਦਾਂ ਦਾ ਉਚਾਰਣ ਕਿਸ ਤਰ੍ਹਾਂ ਹੈ, ਜਾਂ ਕਿਵੇਂ ਕਰਨਾ ਚਾਹੀਦਾ ਹੈ, ਜਾਂ ਕਿਵੇਂ ਕਰਦੇ ਹਨ, ਇਹ ਭੀ ਸਾਨੂੰ ਸਮਝ ਲੈਣਾ ਚਾਹੀਦਾ ਹੈ।ਮੈਂ ਨਾਂ ਤਾਂ ਇਤਿਹਾਸ ਦਾ ਵਿਦਿਆਰਥੀ ਤੇ ਨਾਂ ਹੀ ਮਹਿਬੂਬ ਜਾਂ ਦਰਸ਼ਨ ਸਿੰਘ ਵਰਗਾ ਵਿਦਿਆਵਾਨ ਹਾਂ ਜੁ ਇਹ ਦੱਸ ਸਕਾਂ ਕਿ ਇਸ ਸ਼ਬਦ 'ਟ' ਦਾ ਉਚਾਰਣ 'ਟੈਂਕਾ' ਕਦੋਂ ਬਣਿਆਂ।ਹਾਲਾਂ ਕਿ ਠੱਠਾ, ਡੱਡਾ, ਢੱਡਾ ਤਾਂ ਉਵੇਂ ਹੀ ਬੋਲਦੇ ਹਾਂ।ਇਸੇ ਤਰਾਂ ਮੇਰਾ ਕੋਈ ਪੈਂਤੀ ਪੜ੍ਹਨ ਪੜ੍ਹਾਉਣ ਦਾ ਟੀਚਾ ਤਾਂ ਨਹੀਂ ਪਰ ਪੱਪਾ, ਫੱਫਾ, ਬੱਬਾ, ਭੱਭਾ ਤੋਂ ਬਾਅਦ ਕਿਹੜਾ ਅੱਖਰ ਆਉਂਦਾ ਹੈ ਤੇ ਇਸਦਾ ਉਚਾਰਨ ਕੀ ਹੈ, ਆਪਾਂ ਸਭ ਜਾਣਦੇ ਹਾਂ।ਕਈ ਢੌਂਗੀ ਤਾਂ ਇਸ ਅੱਖਰ ਦੇ ਉਚਾਰਣ ਨੂੰ ਵੀ ਹਜ਼ਮ ਨਹੀਂ ਕਰ ਸਕਦੇ।ਕਾਲ ਗਤੀ ਵਿਚ ਅੱਖਰ, ਸ਼ਬਦ, ਬੋਲੀਆਂ, ਕੌਮਾਂ, ਸੱਭਿਅਤਾਵਾਂ ਤੇ ਹੋਰ ਪਤਾ ਨਹੀਂ ਕੀ ਕੀ ਨਵਾਂ ਸਿਰਜਿਆ ਜਾ ਰਿਹਾ ਹੈ ਤੇ ਕੀ ਕੀ ਵਿਨਾਸ਼ ਹੁੰਦਾ ਜਾ ਰਿਹਾ ਹੈ; ਇਹ ਉਸ ਕਰਤੇ ਦੀ ਖੇਡ੍ਹ ਹੈ।
ਅਮਰਜੀਤ ਸਿੰਘ ਖੋਸਾ, ਅਕਤੂਬਰ, ੨੦੦੯

No comments: