Monday, 19 November 2012

ਮੱਕਾਰੀ ਦੀ ਵੀ ਹੱਦ ਹੁੰਦੀ ਹੈ ??

ਮੱਕਾਰੀ ਦੀ ਵੀ ਹੱਦ ਹੁੰਦੀ ਹੈ ??

ਇਹਨੀ ਦਿਨੀ ਦਸਮ ਵਿਰੋਧੀਆਂ ਵੱਲੋ ਇਕ ਆਰਟੀਕਲ ਪੜਿਆ ਜਿਸ ਦਾ ਸਿਰਲੇਖ ਸੀ "ਬਚਿੱਤਰ ਨਾਟਕ ਦੀਆਂ ਬਚਿੱਤਰ ਬਾਤਾਂ: ਅਖੇ ਨਦੌਣ ਦੀ ਜੰਗ ਸਮੇਂ (1690) ਗੁਰੂ ਦਸ਼ਮੇਸ਼ ਨੇ ਹਨੂਮਾਨ ਦੇ ਮੰਤ੍ਰ ਦਾ ਜਾਪ ਕੀਤਾ ਜਿਸ ਵਿਚ ਚੰਡੀ ਦੇਵੀ ਨੇ ਵੀ ਸ਼ਮੂਲੀਅਤ ਕੀਤੀ"। ਬੰਦਾ ਝੂਠ ਬੋਲਣ ਲੱਗਿਆਂ ਵੀ ਸੋਚਦਾ ਹੈ , ਪਰ ਇਹ ਲੋਕ ਤਾਂ ਓਹ ਵੀ ਨਹੀਂ ਸੋਚਦੇ। ਆਓ ਦੇਖਦੇ ਹਾਂ ਕੇ ਕਿਸ ਨੇ ਕਿਹੜਾ ਹਨੁਮਾਨ ਮੰਤਰ ਪੜਿਆ ਤੇ ਕਿਹੜੀ ਚੰਡੀ ਦੇਵੀ ਨੇ ਯੁਧ ਵਿਚ ਸ਼ਮੂਲੀਅਤ ਕੀਤੀ। ਲਓ ਪਹਿ
ਲਾਂ ਨਦੋੰਣ ਦੇ ਯੁਧ ਦੇ ਬਾਰੇ ਪੜ ਲਈਏ ਕੇ ਇਹ ਹੋਇਆ ਕਿਓਂ ਸੀ। ਔਰੰਗ ਜੇਬ ਨੇ ਮੀਆਂ ਖਾਨ ਨੂੰ ਰਾਜਪੂਤ ਪਹਾੜੀ ਰਾਜੇ ਭੀਮ ਚੰਦ ਕੋਲੋਂ ਮਾਮਲਾ ਉਗਰਾਹੁਣ ਲਈ ਭੇਜਿਆ ਸੀ, ਪਰ ਭੀਮ ਚੰਦ ਨੇ ਗੁਰੂ ਸਾਹਿਬ ਨੂੰ ਮਦਦ ਲਈ ਪੁਕਾਰ ਕੀਤੀ। ਭੀਮ ਚੰਦ ਦੀ ਮਦਦ ਲਈ ਬਾਕੀ ਦੇ ਪਹਾੜੀ ਰਾਜੇ ਵੀ ਆ ਗਏ ਤੇ ਫਿਰ ਯੁਧ ਦੀ ਸ਼ੁਰੁਆਤ ਹੋ ਗਈ। ਇਸ ਯੁਧ ਵਿਚ ਕਿਰਪਾਲ ਚੰਦ ਨੇ ਬਹੁਤ ਬਹਾਦੁਰੀ ਦਿਖਾਈ ਜਿਸ ਦਾ ਵਰਣਨ ਵੀ ਗੁਰੂ ਸਾਹਿਬ ਨੇ ਕੀਤਾ ਹੈ। ਭੀਮ ਚੰਦ ਕਿਓਂ ਕੇ ਹਿੰਦੂ ਰਾਜਪੂਤ ਰਾਜਾ ਸੀ ਤੇ ਇਸ ਲਈ ਯੁਧ ਵਿਚ ਜਾਣ ਲੱਗਿਆਂ ਜਿਵੇਂ ਯੋਧੇ ਆਪਣੇ ਇਸ਼ਟ ਨੂੰ ਯਾਦ ਕਰਦੇ ਨੇ , ਓਸੇ ਤਰਹ ਰਾਜਾ ਭੀਮ ਚੰਦ ਨੇ ਯੁਧ ਵਿਚ ਵੜਨ ਤੋਂ ਪਹਿਲਾਂ ਆਪਣੇ ਮੁੰਹ ਵਿਚ ਹਨੁਮਾਨ ਮੰਤਰ ਪੜਿਆ, ਤੇ ਮਜੇ ਦਰ ਗੱਲ ਇਹ ਹੈ ਕੇ ਗੁਰੂ ਸਾਹਿਬ ਓਦੋਂ ਓਸ ਦੇ ਕੋਲ ਵੀ ਨਹੀਂ ਸਨ , ਸਗੋਂ ਰਾਜਿਆਂ ਨੇ ਭੀਮ ਚੰਦ ਨੂੰ ਕਿਹਾ ਕੇ ਗੁਰੂ ਸਾਹਿਬ ਨੂੰ ਵੀ ਇਥੇ ਬੁਲਾਵੋ ਤਾਂ ਕੇ ਇਕਠੇ ਮਿਲ ਕੇ ਹਮਲਾ ਕੀਤਾ ਜਾ ਸਕੇ :

ਦੁਤੀਯ ਢੋਅ ਢੂਕੈ ਵਹੈ ਮਾਰਿ ਉਤਾਰੀ ॥ ਖਰੇ ਦਾਂਤ ਪੀਸੈ ਛੁਭੈ ਛਤ੍ਰਧਾਰੀ ॥
ਉਤੈ ਵੈ ਥਰੇ ਬੀਰ ਬੰਬੈ ਬਜਾਵੈਂ ॥ ਤਰੇ ਭੂਪ ਠਾਂਢੇ ਬਡੋ ਸੋਕੁ ਪਾਵੈਂ ॥੫॥

ਭਾਵ - ਦੂਜੀ ਵਾਰ ਸੂਰਮੇ ਫਿਰ ਅੱਗੇ ਵਧੇ, ਓਹਨਾ ਨੇ ਮਾਰ ਮਾਰ ਕੇ ਪਿਛੇ ਧੱਕ ਦਿਤੇ। ਪਹਾੜੀ ਰਾਜੇ ਹੇਠਾਂ ਖੜੇ ਦੰਦ ਪੀਹ ਰਹੇ ਸਨ। ਉਧਰ ਦੂਜੇ ਪਾਸੇ ਦੇ ਸੂਰਮੇ ਜਿੱਤ ਦੀ ਖੁਸ਼ੀ ਵਿਚ ਧੋੰਸੇ ਵਜਾਉਂਦੇ ਸਨ। ਇਧਰ ਪਹਾੜੀ ਰਾਜੇ ਹੇਠਾਂ ਖਲੋਤੇ ਸ਼ੋਕ ਮਨਾ ਰਹੇ ਸਨ।

ਤਬੈ ਭੀਮਚੰਦੰ ਕੀਯੋ ਕੋਪ ਆਪੰ ॥ ਹਨੂਮਾਨ ਕੇ ਮੰਤ੍ਰ ਕੋ ਮੁਖਿ ਜਾਪੰ ॥
ਸਬੈ ਬੀਰ ਬੋਲੈ ਹਮੈ ਭੀ ਬੁਲਾਯੰ ॥ ਤਬੈ ਢੋਅ ਕੈ ਕੈ ਸੁ ਨੀਕੇ ਸਿਧਾਯੰ ॥੬॥

ਤਦ ਭੀਮ ਚੰਦ ਨੇ ਬਹੁਤ ਗੁੱਸਾ ਪ੍ਰਗਟ ਕੀਤਾ ਤੇ ਮੂੰਹ ਤੋਂ ਹਨੂਮਾਨ ਦੇ ਮੰਤਰ ਦਾ ਜਾਪ ਕੀਤਾ। ਓਸ ਦੇ ਨਾਲ ਦੇ ਸਾਰੇ ਯੋਧਿਆਂ ਨੇ ਭੀਮਚੰਦ ਨੂੰ ਕਿਹਾ ਕੇ ਹੁਣ ਗੁਰੂ ਸਾਹਿਬ ਨੂੰ ਵੀ ਸਹਾਇਤਾ ਲਈ ਬੁਲਾ ਲਵੋ ਅਤੇ ਫਿਰ ਸਾਰਿਆਂ ਨੇ ਇਕਠਿਆਂ ਹੋ ਕੇ ਬੜੇ ਜੋਰ ਨਾਲ ਹੱਲਾ ਕੀਤਾ। ਹੁਣ ਮੈਨੂ ਤੇ ਕਿਤੇ ਲਭਾ ਨਹੀਂ ਕੇ ਗੁਰੂ ਸਾਹਿਬ ਨੇ ਕਿਹੜਾ ਹਨੂਮਾਨ ਮੰਤਰ ਪੜਿਆ। ਹਾਂ ਭੀਮ ਚੰਦ, ਹਿੰਦੂ ਪਹਾੜੀ ਰਾਜਾ ਹੈ, ਓਸ ਨੇ ਜਰੂਰ ਪੜਿਆ ਤੇ ਗੁਰੂ ਸਾਹਿਬ ਨੇ ਓਸ ਬਾਰੇ ਲਿਖਿਆ।

ਲਓ ਹੁਣ ਦੇਖਦੇ ਹਾਂ ਕਿਹੜੀ ਚੰਡੀ ਆ ਕੇ ਨਦੋੰਣ ਦੇ ਯੁਧ ਵਿਚ ਲੜੀ। ਜਿਵੇਂ ਪਹਿਲਾਂ ਦਸਿਆ ਹੈ ਕੇ ਕਿਰਪਾਲ ਚੰਦ ਬਹੁਤ ਸੂਰਬੀਰਤਾ ਨਾਲ ਇਸ ਯੁਧ ਵਿਚ ਲੜਿਆ। ਗੁਰੂ ਸਾਹਿਬ ਨੇ ਓਸ ਦਾ ਯੁਧ ਪ੍ਰਸੰਗ ਵਰਣਨ ਕੀਤਾ ਜਿਸ ਵਿਚ ਲਿਖਿਆ ਹੈ ਦੁਸ਼ਮਨ ਨੂੰ ਚੰਡ ਕੇ ਰਖ ਦਿਤਾ, ਭਾਵ ਬਹੁਤ ਭਿਆਨਕ ਯੁਧ ਕੀਤਾ। ਅੱਜ ਵੀ ਨਿਹੰਗਾ ਸਿੰਘਾ ਦੀ ਭਾਸ਼ਾ ਵਿਚ ਕਿਹਾ ਜਾਂਦਾ ਹੈ ਕੇ ਫਲਾਨਾ ਬੰਦਾ ਚੰਡਣ ਵਾਲਾ ਹੋਇਆ ਹੈ। ਹੁਣ ਦੇਖੋ :

ਕ੍ਰਿਪਾਲੰ ਕ੍ਰੁਧੰ ॥ ਕੀਯੋ ਜੁੱਧ ਸੁੱਧੰ ॥ਮਹਾਂ ਬੀਰ ਗੱਜੇ ॥ ਮਹਾਂ ਸਾਰ ਬੱਜੇ ॥੧੩॥
ਕਰਿਯੋ ਜੁੱਧ ਚੰਡੰ ॥ ਸੁਣਿਯੋ ਨਾਵ ਖੰਡੰ ॥ਚਲਿਯੋ ਸਸਤ੍ਰ ਬਾਹੀ ॥ ਰਜੌਤੀ ਨਿਬਾਹੀ ॥੧੪॥

ਕਿਰਪਾਲ ਚੰਦ ਨੇ ਬੜੇ ਕ੍ਰੋਧ ਨਾਲ ਯੁਧ ਕੀਤਾ । ਬੜੇ ਸੂਰਮੇ ਗੱਜ ਰਹੇ ਸਨ ਤੇ ਲੋਹੇ ਤੇ ਲੋਹੇ ਵੱਜ ਰਹੇ ਸਨ। ਕਿਰਪਾਲ ਚੰਦ ਨੇ ਇਨਾ ਭਿਆਨਕ ਯੁਧ ਕੀਤਾ ਭਾਵ ਚੰਡ ਦੇਣ ਵਾਲਾ ਯੁਧ ਕੀਤਾ ਜਿਹੜਾ ਹਰ ਪਾਸੇ ਸੁਣਿਆ ਗਿਆ। ਸ਼ਸਤਰ ਚਲਾਉਂਦਾ ਹੋਇਆ ਓਹ ਅੱਗੇ ਵਧਦਾ ਗਿਆ ਤੇ ਰਾਜਪੂਤੀ ਆਨ ਨੂੰ ਨਿਭਾਇਆ। ਮੈਨੂੰ ਇਹਨਾ ਲੋਕਾਂ ਦੇ ਲੇਖਾਂ ਨੂੰ ਪੜ ਕੇ ਹਾਸਾ ਵੀ ਆਉਂਦਾ ਹੈ ਤੇ ਤਰਸ ਵੀ ਕੇ ਕਾਸ਼ ਮਾਲਕ ਕੁਛ ਕੁ ਬੁਧੀ ਇਹਨਾ ਨੂੰ ਵੀ ਬਕਸ਼ ਦਿੰਦਾ ਤਾਂ ਕੀ ਘਟ ਚੱਲਾ ਸੀ। ਮੇਰੀ ਇਹਨਾ ਸਾਰੇ ਧਕੇ ਦੇ ਵਿਦਵਾਨਾ ਨੂੰ ਬੇਨਤੀ ਹੈ ਕੇ ਝੂਠ ਬੋਲ ਕੇ ਜਿਆਦਾ ਚਿਰ ਹੁਣ ਨਹੀਂ ਸਰਨਾ , ਸੋ ਏਹੋ ਜਹੀਆਂ ਜਬਲੀਆਂ ਮਾਰਨੀਆ ਬੰਦ ਕੀਤੀਆਂ ਜਾਣ ਨਹੀਂ ਤੇ ਲੋਕਾਂ ਨੇ ਬਚਿਤਰ ਨਾਟਕ ਤੇ ਨਹੀਂ ਹਸਣਾ ਬਲਕਿ ਇਹਨਾ ਦੀ ਮੂਰਖਤਾ ਤੇ ਹਸਣਾ ਹੈ। ਕਿਸੇ ਇਕ ਪੰਕਤੀ ਨੂੰ ਚਕ ਕੇ ਅਰਥ ਦੇ ਅਨਰਥ ਹੀ ਹੋ ਸਕਦੇ ਨੇ, ਇਸੇ ਲਈ ਜਨਰਲ ਬਰਾੜ ਨੇ ਆਪਣੀ ਪੁਸਤਕ ਵਿਚ ਸਪਸ਼ਟ ਲਿਖਿਆ ਹੈ ਕੇ ਇੰਦ੍ਰਾ ਗਾਂਧੀ ਨੂੰ ਸਲਾਹ ਦਿਤੀ ਗਈ ਸੀ ਕੇ ਦਸਮ ਗ੍ਰੰਥ ਦੇ ਅਰਥ ਇਸ ਪ੍ਰਕਾਰ ਕੀਤੇ ਜਾ ਸਕਦੇ ਨੇ ਕੇ ਲੋਕਾਂ ਨੇ ਇਸ ਨੂੰ ਹਿੰਦੁਆਂ ਦਾ ਗ੍ਰੰਥ ਮੰਨ ਕੇ ਆਪਸ ਵਿਚ ਲੜ ਮਰਨਾ ਹੈ । ਇਸ ਲੇਖ ਦਾ ਜਵਾਬ ਦਿੰਦਾ ਹੋਇਆ ਮੈਂ ਇਹ ਹੀ ਸੋਚ ਰਿਹਾ ਸੀ ਕੇ ਕਿਵੇਂ ਓਹ ਗੱਲ ਹੁਣ ਪ੍ਰਤਖ ਹੋ ਰਹੀ ਹੈ ਤੇ ਕਿਵੇਂ ਕੁਛ ਲੋਕ ਸਿਖਾਂ ਦਾ ਧਿਆਨ ਕੋਮੀ ਮਸਲੇ ਤੋਂ ਪਰੇ ਕਰਨ ਲਈ ਨਿਤ ਦਿਨ ਦਸਮ ਬਾਣੀ ਦੇ ਜਾਣ ਬੁਝ ਕੇ ਗਲਤ ਅਰਥ ਕਰ ਕੇ ਸਿਖਾਂ ਨੂੰ ਬੇਵਕੂਫ਼ ਬਣਾ ਕੇ ਆਪਿਸ ਵਿਚ ਕੋਮੀ ਫੁਟ ਪਵਾ ਕੇ ਸਾਨੂੰ ਸਾਡੇ ਅਸਲ ਮੁੱਦੇ ਤੋਂ ਪਰਾ ਧੱਕ ਰਹੇ ਨੇ ।

ਦਾਸ ,
ਡਾ ਕਵਲਜੀਤ ਸਿੰਘ

No comments: