Monday, 7 October 2013

ਤੇਜਾ ਸਿੰਘ ਭਸੌੜ ਬਨਾਮ ਮਿਸ਼ਨਰੀ

ਤੇਜਾ ਸਿੰਘ ਭਸੌੜ ਬਨਾਮ ਮਿਸ਼ਨਰੀਪੰਚ ਖਾਲਸਾ ਦੀਵਾਨ ਜੋ ਬਾਬੂ ਤੇਜਾ ਸਿੰਘ ਦੀ ਅਗਵਾਈ ਵਿੱਚ ਚਲਦਾ ਸੀ,੧੯੪੭ ਤਕ ਭਾਰਤ ਵਿੱਚ ਅੰਗਰੇਜੀ ਸਰਕਾਰ ਦੀਆਂ ਨੀਤੀਆਂ ਦੀ ਤਰਜ਼ਮਾਨੀ ਕਰਦਾ ਸੀ।ਸਿੱਖਾਂ ਦੀ ਤਾਕਤ ਨੂੰ ਖਤਮ ਕਰਨ ਵਾਸਤੇ ਬਣਿਆਂ ਇਹ ਸਰਕਾਰੀ ਪਿੱਠੂਆਂ ਦਾ ਟੋਲਾ ਸਰਕਾਰੀ ਸ਼ਹਿ ਤੇ ਸ਼੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਕਾਬਜ਼ ਵੀ ਹੋ ਗਿਆ ਸੀ।ਦਰਬਾਰ ਸਾਹਿਬ ਦੀ ਮਰਯਾਦਾ ਦਾ ਜੋ ਵਖਰੇਵਾਂ ਪੁਰਾਤਨ ਰਹਿਤ ਮਰਯਾਦਾ ਨਾਲੋਂ ਦਿੱਸ ਰਿਹਾ ਹੈ,ਉਹ ਇਹਨਾ ਦੁਆਰਾ ਪਾਇਆ ਗਿਆ ਹੈ।ਇਹਨਾਂ ਨੇ ਜੋਮਨਮਾਨੀਆਂ ਕੀਤੀਆਂ ,ਉਹਨਾਂ ਦਾ ਹੀ ਨਤੀਜਾ ਸੀ ਕਿ ਤੇਜਾ ਸਿੰਘ ਅਤੇ ਇਸਦੀ ਪਤਨੀ ਨਿਰੰਜਨ ਕੌਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਛੇਕ ਦਿੱਤਾ ਗਿਆ ਸੀ ਅਤੇ ਇਸਦੇ ਪੈਰੋਕਾਰਾਂ ਨੇ ਇਸਦੀ ਸਿੱਖ ਵਿਰੋਧੀ ਲਹਿਰ ਨੂੰ ਹੁਣ ਤੱਕ ਮਰਨ ਨਹੀਂ ਦਿੱਤਾ।ਅੱਜ ਮਿਸ਼ਨਰੀ ਰੂਪ ਵਿੱਚ ਅਸੀਂ ਜੋ ਸਿੱਖ ਵਿਰੋਧੀ ਲਹਿਰ ਵੇਖ ਰਹੇ ਹਾਂ ਇਹ ਉਹੋ ਹੀ ਹੈ,ਜਿਸ ਦਾ ਅਗਾਜ਼ (ਅਰੰਭ) ਇਸ ਤੇਜਾ ਸਿੰਘ ਭਸੌੜ ਨੇ ਸਿੱਖਾਂ ਨੂੰ ਖਤਮ ਕਰਨ ਵਾਸਤੇ ਅੰਗਰੇਜਾਂ ਦੇ ਕਹਿਣ ਤੇ ਕੀਤਾ ਸੀ,ਕਿਉਂਕਿ ਉਦੋਂ ਅੰਗਰੇਜਾਂ ਨੂੰ ਡਰ ਸੀ ਕਿ ਸਿੱਖ ਕਿਧਰੇ ਆਪਣਾ ਰਾਜ ਵਾਪਸ ਨਾਂ ਲੈ ਲੈ,ਇਸ ਵਾਸਤੇ ਉਹ ਹਰ ਹੀਲੇ ਵਸੀਲੇ ਸਾਨੂੰ ਖਤਮ ਕਰਨਾ ਚਾਹੁੰਦੇ ਸਨ।ਇਹ ਹਰ ਸਰਕਾਰ ਕਰਦੀ ਆਈ ਹੈ।ਔਰੰਗਜ਼ੇਬ ਨੇ ਪਹਾੜੀ ਰਾਜਿਆਂ ਨੂੰ ਆਪਣੇ ਨਾਲ ਜੋੜ ਕੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਮੁਸ਼ਕਲਾਂ ਖੜੀਆਂ ਕੀਤੀਆਂ।ਜੇਕਰ ਪਹਾੜੀ ਰਾਜੇ ਔਰੰਗਜੇਬ ਦੀ ਇਸ ਕੁਟਿਲਤਾ ਨੂੰ ਸਮਝ ਕੇ ਗੁਰੂ ਸਾਹਿਬ ਦੇ ਉਲਟ ਨਾਂ ਹੁੰਦੇ ਤਾਂ ਭਾਰਤ ਕਦੋਂ ਦਾ ਅਜ਼ਾਦ ਹੋ ਗਿਆ ਹੁੰਦਾ!ਕਾਸ਼ ਇਹ ਸਮਝ ਕਦੇ ਇੱਥੋਂ ਦੇ ਵਸਨੀਕਾਂ ਨੂੰ ਆ ਜਾਵੇ!ਹੁਣ ਵੀ ਮਿਸ਼ਨਰੀਆਂ ਦੇ ਨਾਮ ਹੇਠ ਜੋ ਲਹਿਰ ਚਲ ਰਹੀ ਹੈ,ਇਸਦੀ ਸਮਝ ਜੇਕਰ ਸਿੱਖਾਂ ਨੂੰ ਆ ਜਾਏ ਤਾਂ ਸਮੁੱਚੇ ਭਾਰਤ ਵਾਸੀਆਂ ਦਾ ਭਲਾ ਹੋ ਜਾਵੇ।ਸਿੱਖ ਮਾਨਵਤਾ ਵਾਦੀ ਹਨ।ਸਭ ਦਾ ਭਲਾ ਹਮੇਸ਼ਾਂ ਚਾਹੁੰਦੇ ਹਨ।ਮਿਸ਼ਨਰੀ ਲਹਿਰ, ਤੇਜਾ ਸਿੰਘ ਭਸੌੜ ਦੇ ਪਾਏ ਹੋਏ ਪੂਰਨਿਆਂ ਤੇ ਹੀ ਹੂਬਹੂ ਚਲ ਰਹੀ ਹੈ।ਇਹ ਹੈ ਪੰਚ ਖਾਲਸਾ ਦੀਵਾਨ ਦਾ ੧੩ ਨੁਕਾਤੀ ਮਿਸ਼ਨ:-
੧. ਸ਼ੀ੍ਰ ਗੁਰੂ ਗ੍ਰੰਥ ਸਾਹਿਬ ਵਿੱਚੋਂ ਮੰਗਲਾਂਚਰਨ ਬਦਲਣੇ।
੨. 'ਭਗਤ ਬਾਣੀ' ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਹਟਾਉਣਾ।
੩. 'ਭੱਟਾਂ ਦੇ ਸਵੱਈਏ' ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੱਢਣੇ।
੪. 'ਰਾਗਮਾਲਾ' ਨੂੰ ਬਾਣੀ ਨਾਂ ਮੰਨਦੇ ਹੋਏ,ਇਸ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਬਾਹਰ ਕੱਢਣਾ
੫. ਸ਼੍ਰੀ ਦਸਮ ਗ੍ਰੰਥ ਸਾਹਿਬ ਵਿੱਚੋਂ ਦਸਮ ਬਾਣੀ ਦਾ ਬਹੁਤ ਸਾਰਾ ਹਿੱਸਾ ਇਹ ਮੰਨ ਕੇ ਹਟਾਉਣਾ ਕਿ ਇਹ ਹਿੰਦੂ ਦਰਬਾਰੀ ਕਵੀਆਂ ਦੀ ਬਾਣੀ ਹੈ।
੬. ਅਰਦਾਸ ਵਿੱਚੋਂ ਪ੍ਰਿਥਮ ਭਗੌਤੀ ਵਾਲੀ ਪੌੜੀ ਕੱਢ ਕੇ ਇਸਦੀ ਸ਼ੁਰੂਆਤ ਪ੍ਰਿਥਮ ਸਤਿਨਾਮ ਨਾਲ ਕਰਨੀ।
੭. ਜ਼ਫਰਨਾਮੇ ਵਿੱਚੋਂ ਹਕਾਇਤਾਂ ਬਾਹਰ ਕੱਢਣੀਆਂ।
੮. ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਾਂਟ ਛਾਂਟ ਕਰਨੀ।
੯. ਚੌਪਈ ਸਾਹਿਬ ਦੀਆਂ ੨੫ ਪੌੜੀਆਂ ਨੂੰ ਛੱਡ ਕੇ ਬਾਕੀ ਅੰਤਲੀਆਂ ਪੌੜੀਆਂ ਨੂੰ ਹਟਾਉਣਾ।
੧੦. ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੀ ਥਾਂ,ਤੇਜਾ ਸਿੰਘ ਦੇ ਨਿੱਜੀ ਪਿੰਡ ਭਸੌੜ ਨੂੰ ਪੰਜਵੇਂ ਤਖਤ ਦਾ ਦਰਜਾ ਦੇਣਾ।
੧੧. ਉਪਰੋਕਤ ਕਾਂਟ ਛਾਂਟ ਤੋਂ ਬਾਦ ਸ਼੍ਰੀ ਆਦਿ ਗ੍ਰੰਥ ਅਤੇ ਸ਼੍ਰੀ ਦਸਮ ਗ੍ਰੰਥ ਦੀ ਇੱਕ ਜਿਲਦ ਵਿੱਚ ਪੁਨਰ ਸੰਪਾਦਨਾ ਕਰਨੀ।
੧੨. ਵੱਡੀ ਦਸਤਾਰ ਦੇ ਹੇਠਾਂ ਪਹਿਨੀ ਜਾਣ ਵਾਲੀ ਛੋਟੀ ਦਸਤਾਰ ਭਾਵ ਕੇਸਕੀ ਨੂੰ ਕਕਾਰ ਦਾ ਦਰਜਾ ਦੇਣਾ।
੧੩. ਬਿਕਰਮੀ ਸੰਮਤ ਨੂੰ ਹਟਾ ਕੇ ਨਾਨਕ ਸ਼ਾਹੀ ਸਿੱਖ ਕੈਲੰਡਰ ਬਣਾਉਣਾ।

ਇਸ ਸਾਰੀ ਚਰਚਾ ਤੋਂ ਸਪੱਸ਼ਟ ਹੈ ਕਿ ਪੁਰੇਵਾਲ ਦੇ ਨਾਨਕਸ਼ਾਹੀ ਕੈਲੰਡਰ ਨੂੰ ਮੁੜ ਲਾਗੂ ਕਰਵਾਉਣ ਵਿੱਚ ਇਹ ਟੋਲਾ ਕਿਉਂ ਤਰਲੋ ਮੱਛੀ ਹੋ ਰਿਹਾ ਹੈ।ਸਿੱਖ ਪੰਥ ਨੇ ਸੋਚਣਾ ਹੈ ਕਿ ਇਸ ਕੈਲੰਡਰ ਨੂੰ ਮਾਨਤਾ ਦੇਕੇ ਕੀ ਤੇਜਾ ਸਿੰਘ ਦੀ ਸਿੱਖ ਮਾਰੂ ਸੋਚ ਨਾਲ ਖੜੇ ਹੋਣਾ ਹੈ ਜਾਂ ਕਿ ਬਿਕਰਮੀ ਕੈਲੰਡਰ ਨੂੰ ਮੁੜ ਲਾਗੂ ਕਰਵਾ ਕੇ ਆਪਣੇ ਇਤਿਹਾਸ ਨੂੰ ਮਿਥਹਾਸ ਵਿੱਚ ਬਦਲਣ ਤੋਂ ਬਚਾਉਣਾ ਹੈ।